ਮਹਾਂ ਸਿੰਘ ਸੁਕਰਚਕੀਆ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਮਹਾਂ ਸਿੰਘ ਸੁਕਰਚਕੀਆ (ਮ. 1790 ਈ.): ਸ. ਚੜ੍ਹਤ ਸਿੰਘ ਸੁਕਰਚਕੀਆ ਦਾ ਪੁੱਤਰ ਅਤੇ ਮਹਾਰਾਜਾ ਰਣਜੀਤ ਸਿੰਘ ਦਾ ਪਿਤਾ ਜੋ ਪਿਤਾ ਦੀ ਅਚਾਨਕ ਮ੍ਰਿਤੂ ਕਾਰਣ ਬਚਪਨ ਵਿਚ ਹੀ ਆਪਣੀ ਮਿਸਲ ਦਾ ਸਰਦਾਰ ਬਣਿਆ। ਇਸ ਦੇ ਬਾਲਗ਼ ਹੋਣ ਤਕ ਇਸ ਦੀ ਮਾਤਾ ਮਾਈ ਦੇਸਾਂ ਨੇ ਮਿਸਲ ਦੀ ਵਾਗ-ਡੋਰ ਸੰਭਾਲੀ। ਆਪਣੇ ਭਰਾਵਾਂ ਦੀ ਮਦਦ ਨਾਲ ਇਸ ਨੇ ਆਪਣੇ ਇਲਾਕੇ ਨੂੰ ਸੁਰਖਿਅਤ ਰਖਿਆ। ਮਹਾਂ ਸਿੰਘ ਨੇ ਜਵਾਨ ਹੋਣ’ਤੇ ਮਿਸਲ ਦਾ ਅਧਿਕਾਰ ਸੰਭਾਲਿਆ ਅਤੇ ਨੂਰੁੱਦੀਨ ਬਾਮੇਜ਼ਈ ਤੋਂ ਰੋਹਤਾਸ ਅਤੇ ਚੱਠੇ ਸਰਦਾਰ ਪੀਰ ਮੁਹੰਮਦ ਤੋਂ ਰਸੂਲਗੜ੍ਹ ਨਗਰ ਵਾਪਸ ਲਏ। ਜਦੋਂ ਇਹ ਰਸੂਲਗੜ੍ਹ ਜਿਤ ਕੇ ਪਰਤ ਰਿਹਾ ਸੀ , ਤਾਂ ਇਸ ਨੂੰ 13 ਨਵੰਬਰ 1780 ਈ. ਨੂੰ ਪੁੱਤਰ ਦੇ ਜਨਮ ਦਾ ਸਮਾਚਾਰ ਮਿਲਿਆ। ਇਸ ਨੇ ਉਸ ਦਾ ਨਾਂ ‘ਰਣਜੀਤ ਸਿੰਘ’ ਰਖਿਆ। ਇਸ ਨੇ ਪਿੰਡੀ ਭੱਟੀਆਂ, ਸਾਹੀਵਾਲ, ਈਸਾਖੇਲ, ਝੰਗ ਆਦਿ ਨਗਰਾਂ ਨੂੰ ਆਪਣੇ ਅਧੀਨ ਕੀਤਾ ਅਤੇ ਜੰਮੂ ਉਤੇ ਹਮਲਾ ਕਰਕੇ ਸ਼ਹਿਰ ਨੂੰ ਖ਼ੂਬ ਲੁਟਿਆ। ਇਸ ਨੇ ਸ. ਜੱਸਾ ਸਿੰਘ ਰਾਮਗੜ੍ਹੀਆ ਨਾਲ ਮਿਲ ਕੇ ਕਨ੍ਹੀਆ ਮਿਸਲ ਦੇ ਸਰਦਾਰ ਜੈ ਸਿੰਘ ਨਾਲ ਬਟਾਲੇ ਨੇੜੇ ਯੁੱਧ ਕੀਤਾ ਜਿਸ ਵਿਚ ਜੈ ਸਿੰਘ ਦਾ ਇਕਲੌਤਾ ਪੁੱਤਰ ਸ. ਗੁਰਬਖਸ਼ ਸਿੰਘ ਮਾਰਿਆ ਗਿਆ ਅਤੇ ਕਨ੍ਹੀਆ ਮਿਸਲ ਦੀ ਹਾਰ ਹੋਈ। ਫਿਰ ਇਸ ਨੇ ਸਾਹਿਬ ਸਿੰਘ ਭੰਗੀ ਨੂੰ ਸਧੋਰਾ ਕਿਲ੍ਹੇ ਵਿਚ ਘੇਰ ਲਿਆ। ਲੰਬੇ ਘੇਰੇ ਦੌਰਾਨ ਇਹ ਬੀਮਾਰ ਹੋ ਗਿਆ ਅਤੇ ਅਪ੍ਰੈਲ 1790 ਈ. ਨੂੰ ਚਲਾਣਾ ਕਰ ਗਿਆ। ਇਸ ਤੋਂ ਬਾਦ ਰਣਜੀਤ ਸਿੰਘ ਮਿਸਲ ਦਾ ਸਰਦਾਰ ਬਣਿਆ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2858, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.